ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅਮਿਤ ਸ਼ਾਹ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ

ਲਹਿਰਾਗਾਗਾ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਰਚੇਤਾ ਤੇ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਗਈ ਟਿੱਪਣੀ ਦਾ ਸਖ਼ਤ ਨੋਟਿਸ ਲੈਂਦੇ ਹੋਏ  ਵੀਰਵਾਰ ਨੂੰ ਪਿੰਡ ਜਲੂਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ  ਪਿੰਡਾਂ ’ਚ ਅਮਿਤ ਸਾਹ ਦੀ ਅਰਥੀ ਫੂਕੀ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ  ਜੋਨਲ ਆਗੂ ਗੁਰਦਾਸ ਜਲੂਰ, ਇਲਾਕਾ ਆਗੂ ਮੱਖਣ ਸਿੰਘ ਜਲੂਰ ਤੇ  ਬਿਕਰ ਸਿੰਘ ਹਥੌਆ ਨੇ ਕਿਹਾ ਕਿ  ਅਮਿਤ ਸਾਹ ਦੀ ਟਿੱਪਣੀ ਤੋ ਪਤਾ ਚਲਦਾ ਹੈ ਕੀ ਕੇਂਦਰ ਦੀ ਸੱਤਾਂ ’ਤੇ ਕਾਬਜ਼ ਮੌਜੂਦਾ ਸਰਕਾਰ ਅਸਲ ’ਚ ਆਰਐਸਐਸ ਤੇ ਮਨੂੰਵਾਦੀ ਦੀ ਵਿਚਾਰਧਾਰਾ ਨਾਲ ਲੈਸ ਹੈ।
ਉਨ੍ਹਾਂ ਕਿਹਾ ਕਿ ਇਸ ਟਿੱਪਣੀ ਤੋਂ ਪਤਾ ਲੱਗਦਾ ਹੈ ਕਿ ਇਸ ਸਰਕਾਰ ਦੇ ਕਰਤਿਆਂ-ਧਰਤਿਆਂ ਦੇ ਮਨਾਂ ਵਿਚ  ਬਾਬਾ ਸਾਹਿਬ ਅੰਬੇਡਕਰ ਤੇ ਦੇਸ਼ ਦੇ ਦਲਿਤਾਂ ਖਿਲਾਫ ਕਿੰਨੀ ਨਫ਼ਰਤ ਭਰੀ ਹੋਈ ਹੈ। ਅਮਿਤ ਸ਼ਾਹ ਦੀ ਇਸ ਟਿੱਪਣੀ ਨਾਲ ਦੇਸ਼ ਦੇ ਕਰੋੜਾ ਲੋਕਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕੀ ਦੇਸ਼ ਦੀ ਮਿਹਨਤਕਸ਼ ਜਮਾਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਅਪਮਾਨ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।
 ਉਨ੍ਹਾਂ ਸੰਘ ਦੀ ਇਸ ਦਲਿਤ ਵਿਰੋਧੀ ਨੀਤੀ ਖਿਲਾਫ ਵਿਆਪਕ ਮੁਹਿੰਮ ਚਲਾਉਣ ਦਾ ਸੱਦਾ ਦਿਤਾ। ਇਸ ਮੌਕੇ ਬਿੰਦਰ ਸਿੰਘ, ਕਾਲਾ ਸਿੰਘ ਰੂਪਾ ਸਿੰਘ ਆਦਿ ਆਗੂ ਵੀ ਹਾਜ਼ਰ ਸਨ।