ਕੈਨੇਡਾ: ਘੱਟਗਿਣਤੀ ਟਰੂਡੋ ਸਰਕਾਰ ਸੰਕਟ ’ਚ; ਮੱਧਕਾਲੀ ਚੋਣਾਂ ਦੇ ਆਸਾਰ

ਵੈਨਕੂਵਰ-ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ, ਜੋ ਪ੍ਰਧਾਨ ਮੰਤਰੀ ਦੀ ਖਾਸ-ਮ-ਖਾਸ ਸੀ, ਵੱਲੋਂ ਬੀਤੇ ਦਿਨ ਅਚਾਨਕ ਦਿੱਤਾ ਅਸਤੀਫਾ ਜਨਤਕ ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ਟਰੂਡੋ ਸਰਕਾਰ ਦੇ ਭਵਿੱਖ ਬਾਰੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ। ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਬਣਿਆ ਇਹ ਸਿਆਸੀ ਸੰਕਟ ਨੇ ਦੇਸ਼ ਨੂੰ ਮੱਧਕਾਲੀ ਚੋਣਾਂ ਵੱਲ ਲਿਜਾ ਸਕਦਾ ਹੈ। ਵਿੱਤ ਮੰਤਰੀ ਨੇ ਬੀਤੇ ਦਿਨ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਤੋਂ ਕੁਝ ਘੰਟੇ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦਾ ਐਲਾਨ ਕਰਕੇ ਜਸਟਿਨ ਟਰੂਡੋ ਦੀ ਲੀਡਰਸ਼ਿਪ ਨੂੰ ਸ਼ੱਕ ਦੇ ਘੇਰੇ ’ਚ ਖੜ੍ਹਾ ਕਰ ਦਿੱਤਾ ਸੀ। ਬੇਸ਼ੱਕ ਸ਼ਾਮ ਤੋਂ ਪਹਿਲਾਂ ਜਨਤਕ ਸੁਰੱਖਿਆ ਮੰਤਰੀ ਡੋਮੀਨਿਕ ਲੇਬਲੈਂਕ ਨੇ ਫਰੀਲੈਂਡ ਦੀ ਥਾਂ ਵਿੱਤ ਮੰਤਰੀ ਵਜੋਂ ਸਹੁੰ ਚੁੱਕ ਲਈ ਪਰ ਟਰੂਡੋ ਸਰਕਾਰ ਅਤੇ ਦੇਸ਼ ਦੇ ਭਵਿੱਖ ਨੂੰ ਲੈ ਕੇ ਹੋ ਰਹੀ ਚਰਚਾ ’ਚ ਫ਼ਰਕ ਨਾ ਪਿਆ। ਜਸਟਿਨ ਟਰੂਡੋ ਤੇ ਫਰੀਲੈਂਡ ਵਿਚਾਲੇ ਖਟਾਸ ਦੀਆਂ ਕਨਸੋਆਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਪਰ ਅਚਾਨਕ ਅਸਤੀਫਾ ਦੇਣ ਦਾ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਪ੍ਰਤੀ ਜੀਅ 250 ਡਾਲਰ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ ਲਈ ਸਰਕਾਰ ਕੋਲ ਵਿੱਤੀ ਪ੍ਰਬੰਧਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਸੰਸਦੀ ਇਜਲਾਸ ਵਿੱਚ ਬੀਤੇ ਦਿਨ ਦਿੱਤੀ ਜਾਣ ਵਾਲੀ ਤਾਜ਼ਾ ਵਿੱਤੀ ਜਾਣਕਾਰੀ ਵਿੱਚ ਇਸ 250 ਡਾਲਰ ਦੇ ਵਾਅਦੇ ਦਾ ਕੋਈ ਜ਼ਿਕਰ ਨਹੀਂ ਸੀ, ਕਿਉਂਕਿ ਬਜਟ ਘਾਟਾ ਪਹਿਲਾਂ ਹੀ 62 ਅਰਬ ’ਤੇ ਪਹੁੰਚ ਚੁੱਕਾ ਹੈ। ਇਹ ਵੀ ਪਤਾ ਲੱਗਾ ਹੈ ਕਿ ਘੱਟ ਗਿਣਤੀ ਸਰਕਾਰ ਕੋਲ ਇਸ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿੱਚ ਕਿਸੇ ਹੋਰ ਪਾਰਟੀ ਦਾ ਭਰੋਸਾ ਵੀ ਨਹੀਂ ਹੈ। ਅਮਰੀਕਾ ਦੇ ਅਹੁਦਾ ਸੰਭਾਲਣ ਜਾ ਰਹੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 25 ਫੀਸਦ ਟੈਰਿਫ ਤੇ ਸਰਹੱਦੀ ਸੁਰੱਖਿਆ ਬਾਰੇ ਕਹਿਣ ਤੋਂ ਬਾਅਦ ਕੈਨੇਡਾ ਨੂੰ ਸੀਮਾ ਸੁਰੱਖਿਆ ਦੀ ਮਜ਼ਬੂਤੀ ਲਈ ਆਧੁਨਿਕ ਸਮੱਗਰੀ ਅਤੇ ਨਫਰੀ ਵਧਾਉਣ ਲਈ ਅਚਾਨਕ ਇੱਕ ਅਰਬ ਡਾਲਰ ਤੋਂ ਵੱਧ ਦਾ ਪ੍ਰਬੰਧ ਕਰਨਾ ਪਿਆ ਹੈ।

ਭਰੋਸੇਯੋਗ ਸੰਸਥਾ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ 77 ਫੀਸਦ ਕੈਨੇਡਿਆਈ ਲੋਕਾਂ ਨੇ ਤੁਰੰਤ ਚੋਣਾਂ ਕਰਵਾ ਕੇ ਦੇਸ਼ ਦੀ ਸੱਤਾ ਹੋਰ ਪਾਰਟੀ ਦੇ ਹੱਥ ਸੌਂਪਣ ਦੀ ਇੱਛਾ ਜ਼ਾਹਿਰ ਕੀਤੀ ਹੈ। ਸਤੰਬਰ ’ਚ ਇਸੇ ਸੰਸਥਾ ਵੱਲੋਂ ਕੀਤੇ ਸਰਵੇਖਣ ਅਨੁਸਾਰ ਜਸਟਿਨ ਟਰੂਡੋ ਦੀ ਹਰਮਨਪਿਆਰਤਾ 5 ਫੀਸਦ ਹੋਰ ਘੱਟ ਕੇ 21 ਫੀਸਦ ਰਹਿ ਗਈ ਹੈ, ਜਦਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਪ੍ਰਧਾਨ ਮੰਤਰੀ ਵਜੋਂ ਲੋਕਪ੍ਰਿਅਤਾ 77 ਫੀਸਦ ’ਤੇ ਜਾ ਪਹੁੰਚੀ ਹੈ। ਲਿਬਰਲ ਪਾਰਟੀ ਨੂੰ ਲੱਗਣ ਵਾਲੇ ਦੇ ਖੋਰੇ ਦਾ ਝੁਕਾਅ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨਡੀਪੀ ਵੱਲ ਹੋਣ ਦੀ ਗੱਲ ਕਹੀ ਜਾ ਰਹੀ ਹੈ।