ਰੂਸੀ ਪਰਮਾਣੂ ਰੱਖਿਆ ਬਲ ਦਾ ਮੁਖੀ ਧਮਾਕੇ ’ਚ ਹਲਾਕ

ਮਾਸਕੋ-ਰੂਸੀ ਪਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦਾ ਮੁਖੀ ਲੈਫ਼ਟੀਨੈਂਟ ਜਨਰਲ ਇਗੋਰ ਕਿਰਿਲੋਵ ਇਥੇ ਰਿਹਾਇਸ਼ੀ ਅਪਾਰਟਮੈਂਟ ਬਲਾਕ ’ਚ ਹੋਏ ਧਮਾਕੇ ਦੌਰਾਨ ਮਾਰਿਆ ਗਿਆ। ਧਮਾਕੇ ’ਚ ਕਿਰਿਲੋਵ ਦਾ ਸਹਾਇਕ ਵੀ ਮਾਰਿਆ ਗਿਆ ਹੈ। ਰੂਸੀ ਜਾਂਚ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਧਮਾਕਾਖੇਜ਼ ਸਮੱਗਰੀ ਸਕੂਟਰ ’ਚ ਰੱਖੀ ਹੋਈ ਸੀ, ਜਿਸ ਦੇ ਫਟਣ ਕਾਰਨ ਧਮਾਕਾ ਹੋਇਆ। ਕਮੇਟੀ ਦੀ ਤਰਜਮਾਨ ਸਵੇਤਲਾਨਾ ਪੇਟਰੇਂਕੋ ਨੇ ਕਿਹਾ ਕਿ ਦੋ ਮੌਤਾਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਯੂਕਰੇਨ ਦੀ ਸੁਰੱਖਿਆ ਸੇਵਾਵਾਂ ਨੇ ਸੋਮਵਾਰ ਨੂੰ ਕਿਰਿਲੋਵ ’ਤੇ ਦੋਸ਼ ਲਾਇਆ ਸੀ ਕਿ ਉਹ ਯੂਕਰੇਨ ਜੰਗ ’ਚ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ। ਯੂਕਰੇਨ ਦੀ ਸੁਰੱਖਿਆ ਸੇਵਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਫਰਵਰੀ 2022 ਤੋਂ ਸ਼ੁਰੂ ਹੋਈ ਜੰਗ ਦੌਰਾਨ ਰੂਸੀ ਫੌਜ ਵੱਲੋਂ 4,800 ਤੋਂ ਵਧ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਮਾਮਲੇ ਰਿਕਾਰਡ ਕੀਤੇ ਹਨ।