ਜੈਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਨਾਂ ’ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਉਹ ਨਾ ਤਾਂ ਆਪ ਕੁੱਝ ਕਰਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਕਰਨ ਦਿੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸੂਬਿਆਂ ਵਿੱਚ ਪਾਣੀ ਦੇ ਝਗੜੇ ਖ਼ਤਮ ਕਰਨ ਦੀ ਬਜਾਏ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੀ ਹੈ। ਮੋਦੀ ਨੇ ਕਿਹਾ ਕਿ ਪੂਰਬੀ ਰਾਜਸਥਾਨ ਨਹਿਰੀ ਪ੍ਰਾਜੈਕਟ (ਈਆਰਸੀਪੀ) ਲਾਗੂ ਕਰਨ ਵਿੱਚ ਦੇਰੀ ਕਾਂਗਰਸ ਦੇ ‘ਇਰਾਦਿਆਂ’ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਕਿਹਾ, ‘ਕਾਂਗਰਸ ਨੇ ਈਆਰਸੀਪੀ ਨੂੰ ਇੰਨੇ ਲੰਮੇ ਸਮੇਂ ਤੱਕ ਰੋਕੀ ਰੱਖਿਆ ਅਤੇ ਇਹ ਵੀ ਕਾਂਗਰਸ ਦੇ ਇਰਾਦਿਆਂ ਦਾ ਪ੍ਰਤੱਖ ਸਬੂਤ ਹੈ। ਉਹ ਕਿਸਾਨਾਂ ਦੇ ਨਾਮ ’ਤੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ ਪਰ ਨਾ ਤਾਂ ਉਹ ਖੁਦ ਕਿਸਾਨਾਂ ਲਈ ਕੁਝ ਕਰਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਕਰਨ ਦਿੰਦੇ ਹਨ।’ ਉਹ ਰਾਜਸਥਾਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸੂਬਿਆਂ ਵਿਚਾਲੇ ਚੱਲ ਰਹੇ ਵੱਖ-ਵੱਖ ਪਾਣੀਆਂ ਦੇ ਵਿਵਾਦਾਂ ’ਤੇ ਮੋਦੀ ਨੇ ਕਿਹਾ ਕਿ ਭਾਜਪਾ ਦੀ ਨੀਤੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਹੈ ਜਦਕਿ ਕਾਂਗਰਸ ਪਾਣੀਆਂ ਦਾ ਵਿਵਾਦ ਵਧਾ ਰਹੀ ਹੈ। ਉਨ੍ਹਾਂ ਕਿਹਾ, ‘ਭਾਜਪਾ ਦੀ ਨੀਤੀ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਹੈ, ਟਕਰਾਅ ਦੀ ਨਹੀਂ। ਅਸੀਂ ਸਹਿਯੋਗ ’ਚ ਵਿਸ਼ਵਾਸ ਰੱਖਦੇ ਹਾਂ, ਵਿਰੋਧ ’ਚ ਨਹੀਂ। ਅਸੀਂ ਮਸਲੇ ਹੱਲ ਕਰਨ ਵਿੱਚ ਭਰੋਸਾ ਰੱਖਦੇ ਹਾਂ, ਵਿਘਨ ਪਾਉਣ ’ਚ ਨਹੀਂ। ਇਸ ਲਈ ਸਾਡੀ ਸਰਕਾਰ ਨੇ ਪੂਰਬੀ ਰਾਜਸਥਾਨ ਨਹਿਰੀ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦਾ ਵਿਸਥਾਰ ਵੀ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਨਰਮਦਾ ਦੇ ਪਾਣੀ ਨੂੰ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਉਣ ਲਈ ਵੱਡੀ ਮੁਹਿੰਮ ਚਲਾਈ ਸੀ ਅਤੇ ਕਾਂਗਰਸ ਅਤੇ ਕੁਝ ਗੈਰ ਸਰਕਾਰੀ ਸੰਗਠਨਾਂ ’ਤੇ ਇਸ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਨੂੰ ਵੱਖ-ਵੱਖ ਸੂਬਿਆਂ ਵਿੱਚ ਭਾਰੀ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘ਭਾਜਪਾ ਹਰ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਦੇਸ਼ ਨੇ ਪਾਰਟੀ ਨੂੰ ਲੋਕ ਸਭਾ ਵਿੱਚ ਲਗਾਤਾਰ ਤੀਜੀ ਵਾਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।’ ਰਾਜਸਥਾਨ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ 46,300 ਕਰੋੜ ਰੁਪਏ ਤੋਂ ਵੱਧ ਦੇ ਊਰਜਾ, ਸੜਕ, ਰੇਲਵੇ ਅਤੇ ਪਾਣੀ ਨਾਲ ਸਬੰਧਤ 24 ਪ੍ਰਾਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਵੀ ਰੱਖਿਆ।