ਡੋਵਾਲ ਵੱਲੋਂ ਚੀਨੀ ਵਿਦੇਸ਼ ਮੰਤਰੀ ਵੈਂਗ ਯੀ ਨਾਲ ਮੁਲਾਕਾਤ

ਪੇਈਚਿੰਗ-ਸਰਹੱਦੀ ਚੋਖਟੇ ਬਾਰੇ ‘ਵਿਸ਼ੇਸ਼ ਨੁਮਾਇੰਦੇ’ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਅੱਜ ਇਥੇ ਬੈਠਕ ਕੀਤੀ, ਜਿਸ ਦਾ ਮੁੱਖ ਮਕਸਦ ਪੂਰਬੀ ਲੱਦਾਖ ਵਿਚ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ (ਬੀਤੇ ’ਚ ਬਣੇ) ਜਮੂਦ ਕਰਕੇ ਦੁਵੱਲੇ ਰਿਸ਼ਤਿਆਂ ਵਿਚ ਆਈ ਖੜੋਤ ਨੂੰ ਖ਼ਤਮ ਕਰਨਾ ਸੀ। ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਡੋਵਾਲ ‘ਵਿਸ਼ੇਸ਼ ਨੁਮਾਇੰਦਿਆਂ’ ਦੀ 23ਵੇਂ ਗੇੜ ਦੀ ਗੱਲਬਾਤ ਵਿਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਇਥੇ ਪੁੱਜੇ ਸਨ। ਵਿਸ਼ੇਸ਼ ਨੁਮਾਇੰਦਿਆਂ ਦੀ ਇਹ ਗੱਲਬਾਤ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਹੋ ਰਹੀ ਹੈ। ਗੱਲਬਾਤ ਚੀਨੀ ਸਮੇਂ ਮੁਤਾਬਕ ਸਵੇਰੇ 10ਵਜੇ ਸ਼ੁਰੂ ਹੋਈ। ਦੋਵਾਂ ਆਗੂਆਂ ਵੱਲੋਂ ਅਸਲ ਕੰਟਰੋਲ ਰੇਖਾ ਦੇ ਨਾਲ ਅਮਨ ਦੀ ਬਹਾਲੀ ਸਣੇ ਵੱਖ ਵੱਖ ਮੁੱਦਿਆਂ ਅਤੇ ਦੁਵੱਲੇ ਰਿਸ਼ਤਿਆਂ ਵਿਚ ਆਈ ਖੜੋਤ ਖ਼ਤਮ ਕਰਕੇ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਬਾਰੇ ਗੱਲ ਕਰਨ ਦੇ ਆਸਾਰ ਹਨ।