ਤੰਦਰੁਸਤੀ ਦਾ ਰਾਜ਼ ਹੈ ਸੰਤੁਲਿਤ ਖ਼ੁਰਾਕ, ਬਿਮਾਰੀਆਂ ਤੋਂ ਬਚਾਉਣ ’ਚ ਵੀ ਕਰਦੀ ਹੈ ਮਦਦ

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਕਮਾਉਣ ਅਤੇ ਕਈ ਇਨਸਾਨ ਜਲਦੀ ਤੋਂ ਜਲਦੀ ਅਮੀਰ ਹੋਣ ਲਈ ਸਿਹਤ ਦੀ ਪਰਵਾਹ ਕੀਤਿਆਂ ਬਿਨਾਂ ਦਿਨ-ਰਾਤ ਕੰਮ ਵਿਚ ਰੁੱਝੇ ਹੋਏ ਹਨ। ਜੇ ਸਾਡੀ ਸਿਹਤ ਤੰਦਰੁਸਤ ਹੈ ਤਾਂ ਅਸੀਂ ਹਰ ਸਮੇਂ ਖ਼ੁਸ਼ੀ ਮਹਿਸੂਸ ਕਰਾਂਗੇ। ਜੇ ਸਾਡੀ ਸਿਹਤ ਹੀ ਤੰਦਰੁਸਤ ਨਹੀਂ, ਫਿਰ ਅਸੀਂ ਹਮੇਸ਼ਾ ਤਣਾਅ ਹੀ ਮਹਿਸੂਸ ਕਰਾਂਗੇ। ਇਸ ਲਈ ਸਾਨੂੰ ਆਪਣੀ ਜੀਵਨਸ਼ੈਲੀ ’ਚ ਤਬਦੀਲੀ (change Lifestyle) ਲਿਆਉਣੀ ਪਵੇਗੀ। ਜੀਵਨਸ਼ੈਲੀ ਉਹ ਹੈ, ਜਿਵੇਂ ਸਾਡੀ ਰੁਟੀਨ, ਤੁਸੀਂ ਰੋਜ਼ ਕੀ ਖਾਂਦੇ ਹੋ, ਸਰੀਰਕ ਗਤੀਵਿਧੀਆਂ, ਕੰਮ ਦਾ ਸਮਾਂ ਤੇ ਵਿਹਲਾ ਸਮਾਂ। ਚੰਗੀ ਜੀਵਨਸ਼ੈਲੀ ’ਚ ਰੋਜ਼ਾਨਾ ਕਸਰਤ, ਲੋੜੀਂਦੀ ਨੀਂਦ, ਤਣਾਅ ਅਤੇ ਹਾਨੀਕਾਰਕ ਆਦਤਾਂ, ਜਿਵੇਂ ਸਿਗਰਟ ਪੀਣਾ ਤੇ ਸ਼ਰਾਬ ਦੇ ਸ਼ੇਵਨ ਤੋਂ ਬਚਣਾ ਸ਼ਾਮਿਲ ਹੈ। ਸੰਤੁਲਿਤ ਖ਼ੁਰਾਕ (Balanced Diet) ਵਿਅਕਤੀ ਨੂੰ ਲੰਬੇ ਸਮੇਂ ਦੀ ਤੰਦਰੁਸਤੀ ਤੇ ਖ਼ੁਸ਼ਹਾਲੀ ਵੱਲ ਲੈ ਜਾਂਦੀ ਹੈ। ਇਸ ਖ਼ੁਰਾਕ ’ਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਪ੍ਰੋਟੀਨ, ਵਿਟਾਮਿਨਜ਼, ਖਣਿਜ, ਕਾਰਬੋਹਾਈਡ੍ਰੇਟ ਸ਼ਾਮਿਲ ਹੁੰਦੇ ਹਨ। ਸਹੀ ਮਾਤਰਾ ਤੇ ਸਹੀ ਕਿਸਮ ਦੀ ਖ਼ੁਰਾਕ ਨਾ ਸਿਰਫ਼ ਸਰੀਰਕ ਊਰਜਾ ਤੇ ਵਿਕਾਸ ਲਈ ਜ਼ਰੂਰੀ ਹੈ ਸਗੋਂ ਬਿਮਾਰੀਆਂ ਤੋਂ ਬਚਾਉਣ ’ਚ ਵੀ ਮਦਦ ਕਰਦੀ ਹੈ।

ਲੋੜੀਂਦੀ ਮਾਤਰਾ ’ਚ ਪਾਣੀ ਪੀਣਾ ਵੀ ਸੰਤੁਲਿਤ ਖ਼ੁਰਾਕ ਦਾ ਹਿੱਸਾ ਹੈ। ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਤੇ ਪਾਚਨ ਦਰੁਸਤੀ ’ਚ ਮਦਦ ਕਰਦਾ ਹੈ। ਖ਼ੁਰਾਕ ’ਚ ਵੰਨ-ਸੁਵੰਨਤਾ ਹੋਣੀ ਵੀ ਜ਼ਰੂਰੀ ਹੈ, ਤਾਂ ਜੋ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲ ਸਕਣ, ਜਿਵੇਂ ਫਲ, ਸਬਜ਼ੀਆਂ, ਅਨਾਜ, ਦਾਲਾਂ ਅਤੇ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ। ਜ਼ਿਆਦਾ ਤੇਲਯੁਕਤ ਤੇ ਮਿੱਠੇ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇ ਅਸੀਂ ਸਮੇਂ ਦੀ ਵੀ ਸਹੀ ਵਰਤੋ ਕਰਾਂਗੇ ਤਾਂ ਸਮੇਂ ਸਿਰ ਜ਼ਿੰਮੇਵਾਰੀਆਂ ਵੀ ਪੂਰੀਆਂ ਕਰ ਸਕਦੇ ਹਾਂ। ਬਿਮਾਰੀਆਂ ਤੋਂ ਬਚਣ ਲਈ ਸਿਹਤ ਜਾਂਚ ਕਰਵਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ। ਮਾਨਸਿਕ ਸਿਹਤ ਤੇ ਤੰਦਰੁਸਤੀ ਲਈ ਹਾਂ-ਪੱਖੀ ਸੋਚ ਤੇ ਮਨੋਬਲ ਦਾ ਹੋਣਾ ਬਹੁਤ ਜ਼ਰੂਰੀ ਹੈ। ਚੁਣੌਤੀਆਂ ਦਾ ਸਾਹਮਣਾ ਕਰਨਾ, ਚੰਗੇ ਰਿਸ਼ਤੇ ਤੇ ਸਮਾਜਿਕ ਪ੍ਰਭਾਵ ਮਾਨਸਿਕ ਸਿਹਤ ’ਚ ਸੁਧਾਰ ਕਰਦੇ ਹਨ। ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਣ ਨਾਲ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ। ਸਿਹਤਮੰਦ ਜੀਵਨਸ਼ੈਲੀ ਅਤੇ ਸੰਤੁਲਿਤ ਖ਼ੁਰਾਕ ਵੱਲ ਧਿਆਨ ਦੇ ਕੇ ਅਸੀਂ ਨਾ ਸਿਰਫ਼ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਗੋਂ ਜ਼ਿੰਦਗੀ ਦਾ ਆਨੰਦ ਵੀ ਮਾਣ ਸਕਦੇ ਹਾਂ। ਇਹ ਮਾਨਸਿਕ, ਸਰੀਰਕ ਤੇ ਭਾਵਨਾਤਮਿਕ ਸਿਹਤ ਨੂੰ ਬਿਹਤਰ ਬਣਾਉਂਦੀ ਹੈ।