ਵਿਆਹ ਸਬੰਧਤ ਮਾਮਲਿਆਂ ਵਿਚ 99 ਫ਼ੀਸਦ ਮਰਦਾਂ ਦੀ ਗਲਤੀ :ਕੰਗਨਾ ਰਣੌਤ

ਚੰਡੀਗੜ੍ਹ- ਕਰਨਾਟਕ ਦੇ ਬੰਗਲੁਰੂ ਵਿਚ ਕਥਿਤ ਤੌਰ ’ਤੇ ਆਤਮਹੱਤਿਆ ਕਰਨ ਵਾਲੇ ਇੰਜੀਨੀਅਰ ਅਤੁਲ ਸੁਭਾਸ਼ ਦੀ ਘਟਨਾ ਨੇ ਸਮਾਜ ਵਿਚ ਦਹੇਜ਼ ਪ੍ਰਤੀ ਕਾਨੂੰਨ ਦੀ ਦੁਰਵਰਤੋਂ ’ਤੇ ਬਹਿਸ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਤਨੀ ਅਤੇ ਸਹੁਰਾ ਪਰਿਵਾਰ ਵੱਲੋਂ ਪ੍ਰੇਸ਼ਾਨ ਕੀਤੇ ਜਾਣ ਕਾਰਨ 9 ਦਿਸੰਬਰ ਨੂੰ ਅਤੁਲ ਸੁਭਾਸ਼ ਨਾਮ ਦੇ ਇਕ ਵਿਅਕਤੀ ਨੇ ਵੀਡੀਓ ਅਤੇ 24 ਪੇਜ਼ਾਂ ਦਾ ਸੁਸਾਇਡ ਨੋਟ ਸ਼ੇਅਰ ਕਰਦਿਆਂ ਆਤਮਹੱਤਿਆ ਕਰ ਲਈ ਗਈ ਸੀ।

ਹਮੇਸ਼ਾ ਕਿਸੇ ਨਾਲ ਕਿਸੇ ਕਾਰਨ ਚਰਚਾ ਵਿਚ ਰਹਿਣ ਵਾਲੀ ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਸਰ ਕੰਗਨਾ ਰਣੌਤ ਦੀ ਇਸ ਮਾਮਲੇ ਨੂੰ ਲੈ ਕੇ ਟਿੱਪਣੀ ਸਾਹਮਣੇ ਆਈ ਹੈ। ਕੰਗਨਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਕ ਔਰਤ ਦੇ ਕਾਰਨ ਹੋਰ ਔਰਤਾਂ ਨੂੰ ਤਸੀਹੇ ਨਹੀਂ ਦਿੱਤੇ ਜਾ ਸਕਦੇ। 99 ਫ਼ੀਸਦ ਵਿਆਹਾਂ ਦੇ ਮਾਮਲਿਆਂ ਵਿਚ ਮਰਦ ਦੋਸ਼ੀ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਮੈਂ ਸਦਮੇ ’ਚ ਹਾਂ, ਅਤੁਲ ਦਾ ਵੀਡੀਓ ਭਾਵੁਕ ਕਰਨ ਵਾਲਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਤੁਲ ਸੁਭਾਸ਼ Atul Subhash ਦੀ ਲਾਸ਼ ਬੈਂਗਲੁਰੂ ਦੇ ਮੰਜੂਨਾਥ ਲੇਆਉਟ ਖੇਤਰ ਵਿੱਚ ਉਸਦੀ ਰਿਹਾਇਸ਼ ’ਤੇ ਲਟਕਦੀ ਮਿਲੀ ਸੀ, ਉਸਨੇ 24 ਪੰਨਿਆਂ ਦਾ ਕਥਿਤ ਸੁਸਾਇਡ ਨੋਟ ਛੱਡਿਆ ਸੀ, ਜਿਸ ਵਿੱਚ ਉਸਨੇ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ, ਯੂਪੀ ਦੀ ਇਕ ਜੱਜ ਅਤੇ ਉਸ ’ਤੇ ਚੱਲ ਰਹੇ ਕੇਸ ਕਾਰਨ ਸਾਲਾਂ ਤੋਂ ਦਿੱਤੀ ਜਾ ਰਹੀ ਪਰੇਸ਼ਾਨੀ ਦਾ ਵਿਸਤ੍ਰਿਤ ਵੇਰਵਾ ਦਿੱਤਾ ਸੀ।