ਐੱਨਆਈਏ ਵੱਲੋਂ ਪੰਜਾਬ ਵਿੱਚ ਕਈ ਥਾਈਂ ਛਾਪੇ

ਮਾਨਸਾ-ਐੱਨਆਈਏ ਦੀ ਟੀਮ ਨੇ ਅੱਜ ਸਵੇਰੇ ਕਿਸੇ ਅਪਾਰਧਕ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਮਜ਼ਦੂਰ ਨੌਜਵਾਨ ਸੁਖਬੀਰ ਸਿੰਘ ਉਰਫ਼ ਵਿਸ਼ਾਲ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਟੀਮ ਨੂੰ ਉਥੋਂ ਕੁਝ ਵੀ ਬਰਾਮਦ ਨਹੀਂ ਹੋਇਆ। ਮਾਨਸਾ ਸ਼ਹਿਰ ਦੇ ਵਾਰਡ ਨੰਬਰ-17 ਵਿੱਚ ਸਥਿਤ ਘਰ ’ਚ ਲਗਪਗ 4-5 ਘੰਟਿਆਂ ਦੀ ਜਾਂਚ ਤੋਂ ਬਾਅਦ ਐੱਨਆਈਏ ਦੀ ਟੀਮ ਨੇ ਸੁਖਬੀਰ ਸਿੰਘ ਦੇ ਪਿਤਾ ਗੁਰਜੰਟ ਸਿੰਘ ਦਾ ਮੋਬਾਈਲ ਜ਼ਬਤ ਕਰ ਲਿਆ।

ਟੀਮ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਤੇ ਗੁਰਜੰਟ ਸਿੰਘ ਦੇ ਰਿਸ਼ਤੇਦਾਰ ਦੇ ਘਰ ਵੀ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ’ਚ ਫੜੇ ਗਏ ਗੈਂਗਸਟਰ ਅਰਸ਼ ਡੱਲਾ ਦੇ ਉਸ ਨੌਜਵਾਨ ਨਾਲ ਸਬੰਧ ਹੋਣ ਦਾ ਸ਼ੱਕ ਹੈ।

ਵਿਸ਼ਾਲ ਦੇ ਪਿਤਾ ਗੁਰਜੰਟ ਸਿੰਘ ਨੇ ਕਿਹਾ ਕਿ ਉਹ ਪੇਂਟਰ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ ਤੇ ਵਿਸ਼ਾਲ ਵੀ ਉਸ ਨਾਲ ਕੰਮ ਕਰਦਾ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਟੀਮ ਉਸ ਦੇ ਪੁੱਤਰ ਤੋਂ ਕਿਸ ਆਧਾਰ ’ਤੇ ਪੁੱਛ-ਪੜਤਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਟੀਮ ਦੇ ਮੈਂਬਰਾਂ ਨੇ ਉਸ ਤੋਂ ਵਿਸ਼ਾਲ ਦੇ ਵਿਦੇਸ਼ ਜਾਣ ਸਬੰਧੀ ਪੁੱਛਿਆ ਪਰ ਉਸ ਵੱਲੋਂ ਬਾਹਰ ਜਾਣ ਸਬੰਧੀ ਕੋਈ ਫਾਈਲ ਹੀ ਨਹੀਂ ਲਗਾਈ ਗਈ।

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਐੱਨਆਈਏ ਦੀ ਟੀਮ ਨੇ ਉਪ-ਮੰਡਲ ਦੇ ਪਿੰਡ ਲੋਹਗੜ੍ਹ ਅਤੇ ਡੱਬਵਾਲੀ ਦੇ ਵਾਰਡ-20 ਦੇ ਧਾਲੀਵਾਲ ਨਗਰ ਵਿੱਚ ਦੋ ਘਰਾਂ ਵਿੱਚ ਛਾਪੇ ਮਾਰੇ। ਟੀਮ ਵਿੱਚ ਅੱਧਾ ਦਰਜਨ ਅਧਿਕਾਰੀ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਐੱਨਆਈਏ ਨੇ ਪਿੰਡ ਲੋਹਗੜ੍ਹ ਵਿੱਚ ਅੰਮ੍ਰਿਤਪਾਲ ਅਤੇ ਡੱਬਵਾਲੀ ਵਿੱਚ ਨਗਰ ਪਰਿਸ਼ਦ ਵਿੱਚ ਠੇਕਾ ਆਧਾਰ ਕਰਮਚਾਰੀ ਬਲਰਾਜ ਦੇ ਘਰ ਛਾਪਾ ਮਾਰਿਆ। ਅੰਮ੍ਰਿਤਪਾਲ ਮੌਜੂਦਾ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਟੀਮ ਨੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਕਰੀਬ ਵੀਹ ਮਿੰਟ ਤੱਕ ਪੁੱਛ-ਗਿੱਛ ਕੀਤੀ। ਜ਼ਿਕਰਯੋਗ ਹੈ ਕਿ ਐੱਨਆਈਏ ਵੱਲੋਂ ਪਹਿਲਾਂ ਵੀ ਦੋ ਵਾਰ ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿੱਚ ਰਾਜੂ ਤੋਂ ਪੁੱਛਗਿੱਛ ਕੀਤੀ ਗਈ ਹੈ। ਇਸ ਦੌਰਾਨ ਐੱਨਆਈਏ ਟੀਮ ਨੇ ਡੱਬਵਾਲੀ ਵਿੱਚ ਠੇਕਾ ਆਧਾਰ ਤਾਇਨਾਤ ਕਰਮਚਾਰੀ ਬਲਰਾਜ ਤੋਂ ਲੋਹਗੜ੍ਹ ਵਾਸੀ ਅੰਮ੍ਰਿਤਪਾਲ ਤੇ ਅਤਿਵਾਦੀ ਅਰਸ਼ ਡੱਲਾ ਦੇ ਬਾਰੇ ਪੁੱਛਿਆ। ਥਾਣਾ ਸਿਟੀ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਐਨਆਈਏ ਦੇ ਛਾਪਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇੱਥੋਂ ਨੇੜਲੇ ਪਿੰਡ ਮਾਝੀ ਵਿੱਚ ਅੱਜ ਸਵੇਰੇ ਐੱਨਆਈਏ ਨੇ ਫ਼ੌਜੀ ਲਖਵੀਰ ਸਿੰਘ ਦੇ ਘਰ ਛਾਪਾ ਮਾਰਿਆ। ਐੱਨਆਈਏ ਦੀ ਟੀਮ ਵੱਲੋਂ ਭਵਾਨੀਗੜ੍ਹ ਪੁਲੀਸ ਦੀ ਮਦਦ ਨਾਲ ਸਵੇਰੇ ਕਰੀਬ ਸਾਢੇ ਛੇ ਵਜੇ ਫ਼ੌਜੀ ਦੇ ਘਰ ਛਾਪਾ ਮਾਰਿਆ। ਟੀਮ ਨੇ ਕਰੀਬ ਦੋ ਤੋਂ ਢਾਈ ਘੰਟੇ ਤੱਕ ਘਰ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਵੀ ਕੀਤੀ। ਇਸ ਸਬੰਧੀ ਫ਼ੌਜੀ ਦੇ ਭਰਾ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਕੁੱਝ ਪੁੱਛ-ਪੜਤਾਲ ਕੀਤੀ ਗਈ ਤੇ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਦੌਰਾਨ ਪੁਲੀਸ ਨੂੰ ਉਨ੍ਹਾਂ ਦੇ ਘਰੋਂ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ ਤੇ ਨਾ ਹੀ ਪੁਲੀਸ ਨੇ ਉਨ੍ਹਾਂ ਦੇ ਘਰੋਂ ਕੋਈ ਮੋਬਾਈਲ ਜਾਂ ਕੋਈ ਹੋਰ ਚੀਜ਼ ਜ਼ਬਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਫ਼ੌਜ ਵਿੱਚ ਹੈ। ਲਖਵੀਰ ਦੇ ਨਾਂ ’ਤੇ ਚੱਲਦਾ ਮੋਬਾਈਲ ਫੋਨ ਦਾ ਸਿਮ ਕਾਰਡ ਉਸ ਦੀ ਪਤਨੀ ਕੋਲ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਭਰਜਾਈ ਜਦੋਂ ਆਪਣੇ ਪੇਕੇ ਗਈ ਸੀ ਤਾਂ ਉਸ ਦੇ ਭਰਾ ਨੇ ਆਪਣੀ ਭੈਣ ਦੇ ਫੋਨ ਤੋਂ ਕਿਸੇ ਵਿਅਕਤੀ ਨਾਲ ਗੱਲ ਕੀਤੀ ਸੀ ਜਿਸ ਦੇ ਆਧਾਰ ’ਤੇ ਇਹ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਸਬੰਧੀ ਡੀਐੱਸਪੀ ਭਵਾਨੀਗੜ੍ਹ ਰਾਹੁਲ ਕੌਸ਼ਲ ਨੇ ਦੱਸਿਆ ਕਿ ਐੱਨਆਈਏ ਵੱਲੋਂ ਅੱਜ ਪਿੰਡ ਮਾਝੀ ਵਿੱਚ ਛਾਪੇ ਮਾਰਿਆ ਗਿਆ ਸੀ। ਇਸ ਦੇ ਕਾਰਨਾਂ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐੱਨਆਈਏ ਦੀ ਟੀਮ ਨੂੰ ਸੁਰੱਖਿਆ ਲਈ ਪੁਲੀਸ ਫੋਰਸ ਮੁਹੱਈਆ ਕਰਵਾਈ ਸੀ।

ਐੱਨਆਈਏ ਦੀ ਟੀਮ ਨੇ ਮੁਕਤਸਰ ਦੇ ਬਠਿੰਡਾ-ਮਲੋਟ ਰੋਡ ਬਾਈਪਾਸ ’ਤੇ ਸਥਿਤ ਇੱਕ ਵਿਅਕਤੀ ਦੇ ਘਰ ’ਚ ਛਾਪਾ ਮਾਰਿਆ। ਇਹ ਕਾਰਵਾਈ ਕਰੀਬ ਪੰਜ ਘੰਟੇ ਚੱਲੀ। ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਨੇ ਅਮਨਦੀਪ ਨਾਮੀ ਵਿਅਕਤੀ ਦੇ ਘਰ ਛਾਪਾ ਮਾਰਿਆ। ਉਸ ਖ਼ਿਲਾਫ਼ ਟਾਡਾ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਹੈ ਤੇ ਫ਼ਿਲਹਾਲ ਉਹ ਨਾਭਾ ਜੇਲ੍ਹ ਵਿੱਚ ਬੰਦ ਹੈ। ਇਸ ਦੌਰਾਨ ਟੀਮ ਨੇ ਕੁਝ ਸ਼ੱਕੀ ਵਸਤਾਂ ਵੀ ਬਰਾਮਦ ਕੀਤੀਆਂ ਹਨ, ਪਰ ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਦੇ ਵੱਡੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੀ ਵੀ ਐੱਨਆਈਏ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇੱਥੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਐੱਨਆਈਏ ਨੇ ਵਿਆਹ ਵਾਲੇ ਦਿਨ ਦਰਜਾ ਕਰਮਚਾਰੀ ਦੇ ਘਰ ਛਾਪਾ ਮਾਰਿਆ। ਘਰ ਵਿੱਚ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਦੌਰਾਨ ਪੰਜਾਬ ਪੁਲੀਸ ਅਤੇ ਖੁਫ਼ੀਆ ਏਜੰਸੀਆਂ ਅਤੇ ਮੀਡੀਆ ਨੂੰ ਵੀ ਨੇੜੇ ਨਹੀਂ ਲੱਗਣ ਦਿੱਤਾ। ਐੱਨਆਈਏ ਟੀਮ ਸਫ਼ਾਈ ਕਾਮੇ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕਰ ਕੇ ਚਲੀ ਗਈ। ਇਸ ਮੌਕੇ ਟੀਮ ਨੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ। ਜਾਣਕਾਰੀ ਅਨੁਸਾਰ ਜਿਸ ਮੁਟਿਆਰ ਦਾ ਅੱਜ ਵਿਆਹ ਸੀ ਉਸ ਦੀ ਵਿਦੇਸ਼ ਰਹਿੰਦੇ ਆਪਣੇ ਭਰਾ ਨਾਲ ਕਰੀਬ 10 ਦਿਨ ਪਹਿਲਾਂ ਗੱਲ ਹੋਈ ਸੀ। ਉਸ ਦੇ ਭਰਾ ਨੇ ਉਥੋਂ ਵਿਆਹ ਕਰ ਕੇ ਕੁਝ ਰਕਮ ਭੇਜੀ ਸੀ। ਸੂਤਰਾਂ ਅਨੁਸਾਰ ਐੱਨਆਈਏ ਨੇ ਵਿਦੇਸ਼ ਤੋਂ ਆਈ ਰਕਮ ਬਾਰੇ ਪੜਤਾਲ ਕੀਤੀ। ਇਸ ਬਾਰੇ ਪਰਿਵਾਰ ਵੱਲੋਂ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।