‘ਦੇਸ਼ ਬਿਕਨੇ ਨਹੀਂ ਦੇਂਗੇ’ ਨਾਲ ਵਿਰੋਧੀ ਧਿਰ ਨੇ ਕੀਤਾ ਰੋਸ ਪ੍ਰਦਰਸ਼ਨ, ਅਡਾਨੀ ਮੁੱਦੇ ’ਤੇ ਜੇਪੀਸੀ ਦੀ ਮੰਗ

ਨਵੀਂ ਦਿੱਲੀ-ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਅਡਾਨੀ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਵੱਖ-ਵੱਖ ਹਿੰਦੀ ਅੱਖਰਾਂ ਵਾਲੀਆਂ ਤਖ਼ਤੀਆਂ ਲੈ ਕੇ ਸੰਸਦ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਾਂਝੇ ਤੌਰ ’ਤੇ ‘ਦੇਸ਼ ਬਿਕਨੇ ਨਹੀਂ ਦੇਂਗੇ’ ਲਿਖਿਆ ਹੋਇਆ ਸੀ। ਇਸ ਦੋਰਾਨ ਨਾਅਰੇਬਾਜ਼ੀ ਵੀ ਕੀਤੀ ਗਈ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਕਾਂਗਰਸ, ਡੀਐਮਕੇ ਅਤੇ ਖੱਬੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਨੇ ਮਕਰ ਦੁਆਰ ਦੀਆਂ ਪੌੜੀਆਂ ਅਤੇ ਸੰਵਿਧਾਨ ਸਦਨ ਦੇ ਸਾਹਮਣੇ ਖੜ੍ਹ ਪ੍ਰਦਰਸ਼ਨ ਕਰਦਿਆਂ ਮੋਦੀ ਅਤੇ ਅਡਾਨੀ ਦੀ ਕਥਿਤ ਮਿਲੀਭੁਗਤ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਮੰਗ ਕੀਤੀ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮੁੱਖ ਸੰਸਦ ਭਵਨ ਵਿੱਚ ਦਾਖਲ ਹੋਣ ਸਮੇਂ ਤਿਰੰਗਾ ਇੱਕ ਕਾਰਡ ਦੇ ਰੂਪ ਵਿੱਚ ਭੇਟ ਕੀਤਾ। ਮੰਗਲਵਾਰ ਨੂੰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਦਯੋਗਪਤੀ ਗੌਤਮ ਅਡਾਨੀ ਦੇ ਵਿਅੰਗ ਚਿੱਤਰਾਂ ਵਾਲੇ ਗੂੜ੍ਹੇ ਨੀਲੇ ‘ਝੋਲੇ’ ਫੜੇ ਹੋਏ ਸਨ ਅਤੇ ਇਕ ਪਾਸੇ ‘ਮੋਦੀ-ਅਡਾਨੀ ਭਾਈ-ਭਾਈ’ ਲਿਖਿਆ ਹੋਇਆ ਸੀ।