ਚੀਨ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰੇਗਾ: ਸ਼ੀ

ਪੇਈਚਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਤੇ ਚੀਨ ਵਿਚਾਲੇ ਟੈਕਸਾਂ ਤੇ ਤਕਨਾਲੋਜੀ ਦੀ ਲੜਾਈ ਵਿੱਚ ਜਿੱਤ ਕਿਸੇ ਦੀ ਨਹੀਂ ਹੋਵੇਗੀ ਅਤੇ ਪੇਈਚਿੰਗ ਆਪਣੇ ਹਿੱਤਾਂ ਦੀ ਦ੍ਰਿੜ੍ਹਤਾ ਨਾਲ ਰੱਖਿਆ ਕਰੇਗਾ। ਉਨ੍ਹਾਂ ਦਾ ਇਹ ਬਿਆਨ ਜਨਵਰੀ 2025 ਵਿੱਚ ਡੋਨਲਡ ਟਰੰਪ ਵੱਲੋਂ ਇਕ ਵਾਰ ਮੁੜ ਤੋਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਵਾਗਡੋਰ ਸੰਭਾਲੇ ਜਾਣ ਤੋਂ ਪਹਿਲਾਂ ਆਇਆ ਹੈ। ਸ਼ੀ ਨੇ ਪੇਈਚਿੰਗ ਵਿੱਚ ਵਿਸ਼ਵ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਸਣੇ 10 ਪ੍ਰਮੁੱਖ ਕੌਮਾਂਤਰੀ ਸੰਸਥਾਵਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ ਵਿੱਚ ਕਿਹਾ, ‘‘ਟੈਕਸ, ਵਪਾਰ ਤੇ ਤਕਨਾਲੋਜੀ ਦੀ ਲੜਾਈ ਆਰਥਿਕ ਕਾਨੂੰਨ ਦੇ ਉਲਟ ਹੈ ਅਤੇ ਇਨ੍ਹਾਂ ਵਿੱਚ ਕੋਈ ਵੀ ਜੇਤੂ ਨਹੀਂ ਹੋਵੇਗਾ।’’ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਮੁਕਤ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ’ਤੇ ਕਾਇਮ ਰਹੇਗਾ।

ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਆਪਣੀ ਚੋਣ ਮੁਹਿੰਮ ਦੌਰਾਨ, ਟਰੰਪ ਨੇ ਚੀਨੀ ਬਰਾਮਦ ’ਤੇ 60 ਫੀਸਦ ਟੈਕਸ ਲਾਉਣ ਦੀ ਧਮਕੀ ਦਿੱਤੀ ਸੀ ਅਤੇ ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਜੇ ਪੇਈਚਿੰਗ ਫੈਂਟੇਨਾਈਲ ’ਤੇ ਰੋਕ ਲਾਉਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਉਹ 10 ਫ਼ੀਸਦ ਵਧੇਰੇ ਟੈਕਸ ਲਗਾ ਦੇਵੇਗਾ। ਸ਼ੀ ਨੇ ਕਿਹਾ ਕਿ ਸਾਰੇ ਦੇਸ਼ਾਂ ਦੇ ਅਰਥਚਾਰਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਦੇਸ਼ਾਂ ਨੂੰ ਇਕ ਖੁੱਲ੍ਹਾ ਵਿਸ਼ਵ ਅਰਥਚਾਰਾ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।