ਦਮਸ਼ਕ-ਸੀਰੀਆ ਦੇ ਜੰਗੀ ਨਿਗਰਾਨ ਨੇ ਅੱਜ ਕਿਹਾ ਕਿ ਇਜ਼ਰਾਈਲ ਨੇ ਸੀਰੀਆ ’ਚ ਭਾਰੀ ਹਵਾਈ ਹਮਲੇ ਕੀਤੇ ਹਨ ਅਤੇ ਉਸ ਦੇ ਸੈਨਿਕ ਦੇਸ਼ ਦੇ ਹੋਰ ਅੰਦਰ ਦਾਖਲ ਹੋ ਕੇ ਰਾਜਧਾਨੀ ਦੇ 25 ਕਿਲੋਮੀਟਰ ਅੰਦਰ ਤੱਕ ਪਹੁੰਚ ਗਏ ਹਨ। ਇਜ਼ਰਾਈਲ ਨੇ ਉਸ ਦੇ ਸੈਨਿਕਾਂ ਦਾ ਦਮਸ਼ਕ ਅੰਦਰ ਦਾਖਲ ਹੋਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।
ਦਮਸ਼ਕ ’ਚ ਐਸੋਸੀਏਟਿਡ ਪ੍ਰੈੱਸ ਦੇ ਪੱਤਰਕਾਰਾਂ ਨੇ ਰਾਤ ਭਰ ਅਤੇ ਅੱਜ ਸ਼ਹਿਰ ਤੇ ਉਸ ਦੇ ਉਪ ਨਗਰਾਂ ’ਚ ਭਾਰੀ ਹਵਾਈ ਹਮਲਿਆਂ ਦੀਆਂ ਆਵਾਜ਼ਾਂ ਸੁਣੀਆਂ। ਆਨਲਾਈਨ ਪ੍ਰਸਾਰਿਤ ਤਸਵੀਰਾਂ ਵਿੱਚ ਤਬਾਹ ਹੋਏ ਲਾਂਚਰ, ਹੈਲੀਕਾਪਟਰ ਤੇ ਜੰਗੀ ਜਹਾਜ਼ ਦਿਖਾਈ ਦੇ ਰਹੇ ਹਨ। ਦਮਸ਼ਕ ’ਤੇ ਕਬਜ਼ਾ ਕਰਨ ਵਾਲੇ ਹਯਾਤ ਤਹਿਰੀਰ ਅਲ-ਸ਼ਮ ਜਾਂ ਐੱਚਟੀਐੱਸ ਦੀ ਅਗਵਾਈ ਹੇਠਲੇ ਬਾਗੀ ਸਮੂਹਾਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਇਜ਼ਰਾਈਲ ਨੇ ਪਹਿਲਾਂ ਸੀਰੀਆ ਅੰਦਰ ਤਕਰੀਬਨ 400 ਵਰਗ ਕਿਲੋਮੀਟਰ ਦੇ ਬਫਰ ਜ਼ੋਨ ’ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ 1973 ਦੀ ਪੱਛਮੀ ਏਸ਼ੀਆ ਜੰਗ ਮਗਰੋਂ ਸਥਾਪਤ ਕੀਤਾ ਗਿਆ ਸੀ। ਇਹ ਕਦਮ ਰਾਸ਼ਟਰਪਤੀ ਬਸ਼ਰ ਅਸਦ ਨੂੰ ਅਹੁਦੇ ਤੋਂ ਹਟਾਏ ਜਾਣ ਮਗਰੋਂ ਹਮਲੇ ਰੋਕ ਲਈ ਉਠਾਇਆ ਸੀ। ਇਜ਼ਰਾਈਲ ਨੇ ਇਹ ਵੀ ਕਿਹਾ ਸੀ ਕਿ ਉਹ ਸ਼ੱਕੀ ਰਸਾਇਣਿਕ ਹਥਿਆਰਾਂ ਵਾਲੀਆਂ ਥਾਵਾਂ ਅਤੇ ਭਾਰੀ ਹਥਿਆਰਾਂ ’ਤੇ ਹਮਲਾ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਕੱਟੜਪੰਥੀਆਂ ਦੇ ਹੱਥਾਂ ’ਚ ਪੈਣ ਤੋਂ ਰੋਕਿਆ ਜਾ ਸਕੇ। ਇਜ਼ਰਾਇਲੀ ਅਧਿਕਾਰੀ ਸ਼ਾਇਦ ਹੀ ਕਦੀ ਅਜਿਹੇ ਹਮਲੇ ਸਵੀਕਾਰ ਕਰਦੇ ਹਨ।
ਬਰਤਾਨੀਆ ਤੋਂ ਚਲਾਏ ਜਾ ਰਹੇ ਚੈਨਲ ‘ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼’ ਨੇ ਕਿਹਾ ਕਿ ਸੀਰੀਆ ਵਿੱਚ ਬਾਗੀਆਂ ਵੱਲੋਂ ਅਸਦ ਨੂੰ ਅਹੁਦੇ ਤੋਂ ਹਟਾਏ ਜਾਣ ਮਗਰੋਂ ਇਜ਼ਰਾਈਲ ਨੇ ਦੇਸ਼ ਭਰ ’ਚ 300 ਤੋਂ ਵੱਧ ਹਵਾਈ ਹਮਲੇ ਕੀਤੇ ਹਨ। ਅਬਜ਼ਰਵੇਟਰੀ ਤੇ ਬੈਰੂਤ ਸਥਿਤ ਮਾਇਆਦੀਨ ਟੀਵੀ ਜਿਸ ਦੇ ਸੀਰੀਆ ’ਚ ਰਿਪੋਰਟਰ ਹਨ, ਨੇ ਕਿਹਾ ਕਿ ਇਜ਼ਰਾਇਲੀ ਸੈਨਿਕ ਲਿਬਨਾਨ ਦੇ ਨਾਲ ਸਰਹੱਦ ਦੇ ਸੀਰਿਆਈ ਹਿੱਤੇ ’ਚ ਅੱਗੇ ਵੱਧ ਰਹੇ ਹਨ। ਇਨ੍ਹਾਂ ਖ਼ਬਰਾਂ ਦੀ ਆਜ਼ਾਦ ਢੰਗ ਨਾਲ ਪੁਸ਼ਟੀ ਕਰਨੀ ਸੰਭਵ ਨਹੀਂ ਸੀ। ਇਜ਼ਰਾਇਲੀ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਨਾਦਾਵ ਸ਼ੋਸ਼ਾਨੀ ਨੇ ਕਿਹਾ ਕਿ ਇਜ਼ਰਾਇਲੀ ਟੈਂਕ ਦੇ ਦਮਸ਼ਕ ਵੱਲ ਵਧਣ ਦੀਆਂ ਖ਼ਬਰਾਂ ਫਰਜ਼ੀ ਹਨ।