ਬੰਗਲਾਦੇਸ਼ ’ਚ ਹਿੰਦੂਆਂ ’ਤੇ ਹਮਲਿਆਂ ਖ਼ਿਲਾਫ਼ ਯੂਐੱਸ ਕੈਪੀਟਲ ਤੱਕ ਮਾਰਚ

ਵਾਸ਼ਿੰਗਟਨ-ਬੰਗਲਾਦੇਸ਼ ’ਚ ਹਿੰਦੂਆਂ ’ਤੇ ਹਮਲਿਆਂ ਖ਼ਿਲਾਫ਼ ਵੱਡੀ ਗਿਣਤੀ ’ਚ ਭਾਰਤੀ ਅਮਰੀਕੀਆਂ ਨੇ ਵ੍ਹਾਈਟ ਹਾਊਸ ਤੋਂ ਲੈ ਕੇ ਯੂਐੱਸ ਕੈਪੀਟਲ ਤੱਕ ਮਾਰਚ ਕੱਢਿਆ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਅਹੁਦਾ ਛੱਡ ਰਹੇ ਜੋਅ ਬਾਇਡਨ ਤੇ ਨਵੇਂ ਬਣਨ ਵਾਲੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਬੰਗਲਾਦੇਸ਼ ਦੀ ਨਵੀਂ ਸਰਕਾਰ ਨੂੰ ਹਿੰਦੂਆਂ ਦੀ ਰਾਖੀ ਲਈ ਕਦਮ ਚੁੱਕਣ ਲਈ ਕਹਿਣ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਵੀ ਕਰਨ। ਬੰਗਲਾਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਇਹ ਮਾਰਚ ਕੱਢਿਆ ਗਿਆ।

ਇਸ ਰੋਸ ਮਾਰਚ ਦੇ ਪ੍ਰਬੰਧਕਾਂ ‘ਸਟਾਪ ਹਿੰਦੂ ਜੈਨੋਸਾਈਡ.ਓਆਰਜੀ’, ‘ਬੰਗਲਾਦੇਸ਼ੀ ਡਾਇਸਪੋਰਾ ਆਰਗੇਨਾਈਜ਼ੇਸ਼ਨਜ਼’ ਅਤੇ ‘ਹਿੰਦੂ ਐਕਸ਼ਨ’ ਨੇ ਮੰਗ ਕੀਤੀ ਕਿ ਅਮਰੀਕਾ ਸਥਿਤ ਕੰਪਨੀਆਂ ਬੰਗਲਾਦੇਸ਼ ਤੋਂ ਕੱਪੜੇ ਖਰੀਦਣਾ ਬੰਦ ਕਰਨ ਜੋ ਅਮਰੀਕਾ ਨੂੰ ਕੀਤੀ ਜਾਣ ਵਾਲੀ ਦਰਾਮਦ ’ਤੇ ਕਾਫੀ ਹੱਦ ਤੱਕ ਨਿਰਭਰ ਹੈ। ‘ਹਿੰਦੂ ਐਕਸ਼ਨ’ ਦੇ ਉਤਸਵ ਚਕਰਵਰਤੀ ਨੇ ਕਿਹਾ, ‘ਇਹ ਮਾਰਚ ਨਿਆਂ ਲਈ ਸਿਰਫ਼ ਇੱਕ ਪੁਕਾਰ ਨਹੀਂ ਹੈ, ਬਲਕਿ ਇਹ ਜਵਾਬਦੇਹੀ ਦੀ ਮੰਗ ਹੈ। ਅੱਜ ਬੰਗਲਾਦੇਸ਼ੀ ਹਿੰਦੂ ਭਾਈਚਾਰਾ ਅਤੇ ਭਾਰਤੀ ਉਪ ਮਹਾਦੀਪ ਤੋਂ ਵੱਡਾ ਹਿੰਦੂ ਪਰਵਾਸੀ ਬੰਗਲਾਦੇਸ਼ੀ ਹਿੰਦੂ ਭਾਈਚਾਰੇ ਦੀ ਹਮਾਇਤ ’ਚ ਆਇਆ ਹੈ ਕਿਉਂਕਿ ਬੰਗਲਾਦੇਸ਼ ਖਾਸ ਤੌਰ ’ਤੇ ਚਟਗਾਓਂ ਤੇ ਰੰਗਪੁਰ ਖੇਤਰ ਸਮੇਤ ਦੇਸ਼ ਦੇ ਕੁਝ ਹੋਰ ਹਿੱਸਿਆਂ ’ਚ ਹਿੰਸਾ ਜਾਰੀ ਹੈ।’ ਵਰਜੀਨੀਆ ਤੋਂ ਨਰਸਿਮਹਾ ਕੋਪੁਲਾ ਨੇ ਕਿਹਾ, ‘ਅਸੀਂ ਬੰਗਲਾਦੇਸ਼ੀ ਹਿੰਦੂਆਂ ਲਈ ਨਿਆਂ ਮੰਗਣ ਦੇ ਇਰਾਦੇ ਨਾਲ ਵ੍ਹਾਈਟ ਹਾਊਸ ਸਾਹਮਣੇ ਇਕੱਠੇ ਹੋਏ ਹਾਂ।’

ਉਤਸਵ ਚਕਰਵਰਤੀ ਨੇ ਕਿਹਾ, ‘ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਮੰਦਰ ਸਾੜੇ ਤੇ ਤੋੜੇ ਜਾ ਰਹੇ ਹਨ। ਉਨ੍ਹਾਂ ਦੇ ਘਰ ਲੁੱਟੇ ਜਾ ਰਹੇ ਹਨ। ਚਟਗਾਓਂ ਖੇਤਰ ਦੇ ਹਿੰਦੂ ਧਾਰਮਿਕ ਆਗੂਆਂ ’ਚੋਂ ਇੱਕ ਚਿਨਮਯ ਦਾਸ ਨੂੰ ਜੇਲ੍ਹ ’ਚ ਸੁੱਟ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਦੁਨੀਆ ਭਰ ਦਾ ਭਾਈਚਾਰਾ ਇਸ ਗੱਲ ਤੋਂ ਬਹੁਤ ਫਿਕਰਮੰਦ ਹੈ। ਇਸ ਲਈ ਲੋਕ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਵ੍ਹਾਈਟ ਹਾਊਸ ਅਤੇ ਅਮਰੀਕਾ ਦੇ ਲੋਕਾਂ ਨੂੰ ਬੰਗਲਾਦੇਸ਼ ’ਚ ਕੀ ਹੋ ਰਿਹਾ ਹੈ, ਬਾਰੇ ਜਾਣਕਾਰੀ ਹੋਵੇ।’ ‘ਹਿੰਦੂ ਐਕਸ਼ਨ’ ਦੇ ਸ੍ਰੀਕਾਂਤ ਅਕੁਨੁਰੀ ਨੇ ਕਿਹਾ ਕਿ ਬੰਗਲਾਦੇਸ਼ੀ ਹਿੰਦੂਆਂ ਨਾਲ ਤ੍ਰਾਸਦੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਹ ਵੀ ਮੰਗ ਕਰਦੇ ਹਨ ਕਿ ਇਸਕੌਨ ਦੇ ਸੰਤ ਚਿਨਮਯ ਦਾਸ ਨੂੰ ਰਿਹਾਅ ਕੀਤਾ ਜਾਵੇ।